ਮਾਡਲ ਟਾਊਨ 'ਚ ਇੱਕ ਡੀਲਰ ਘਰੋਂ 6 ਲੱਖ ਦੀ ਨਗਦੀ ਅਤੇ ਜ਼ੇਵਰ ਚੋਰੀ
ਲੁਧਿਆਣਾ: 18 ਸਤੰਬਰ 2014: (ਪੰਜਾਬ ਸਕਰੀਨ ਬਿਊਰੋ):
ਘਰ ਵਿੱਚ ਵੱਡੀਆਂ ਰਕਮਾਂ ਰੱਖਣ ਦੇ ਸੋ ਖਤਰੇ। ਇਹ ਗੱਲ ਫਿਰ ਸਚ ਸਾਬਿਤ ਹੋਈ ਹੈ ਇਲਾਕੇ 'ਚ ਹੋਈ ਇੱਕ ਚੋਰੀ ਨਾਲ। ਚੋਰੀ ਇੱਕ ਪ੍ਰਾਪਰਟੀ ਡੀਲਰ ਦੇ ਘਰ ਹੋਈ। ਥਾਣਾ ਮਾਡਲ ਟਾਊਨ ਦੇ ਇਲਾਕੇ ਵਿੱਚ ਪੈਂਦੇ ਕਮਲਾ ਨਗਰ ਵਿਚ ਬੀਤੀ ਰਾਤ ਚੋਰ ਇਕ ਘਰ ਦੇ ਤਾਲੇ ਤੋੜ ਕੇ 6 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਜੇਵਰ ਚੋਰੀ ਕਰ ਕੇ ਲੈ ਗਏ। ਜਾਣਕਾਰੀ ਅਨੁਸਾਰ ਕਮਲਾ ਨਗਰ ਵਿਚ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਵਾਲੇ ਗੁਰਬਚਨ ਸਿੰਘ (ਮੀਰਸ਼ਾਹ) ਬੀਤੀ ਰਾਤ ਪਰਿਵਾਰ ਸਮੇਤ ਆਪਣੇ ਰਿਸ਼ਤੇਦਾਰਾਂ ਦੇ ਘਰ ਸ੍ਰੀ ਪਾਉਂਟਾ ਸਾਹਿਬ ਵਿਖੇ ਆਪਣੇ ਬੀਮਾਰ ਸਹੁਰੇ ਦਾ ਪਤਾ ਕਰਨ ਗਏ ਹੋਏ ਸਨ। ਚੋਰੀ ਹੋਈ ਨਗਦ ਰਕਮ ਉਹਨਾਂ ਇੱਕ ਸੌਦੇ ਲਈ ਇੱਕ ਪਾਰਟੀ ਤੋਂ ਲੈ ਕੇ ਘਰ ਵਿੱਚ ਰੱਖੀ ਸੀ ਅਤੇ ਪਾਉਂਟਾ ਸਾਹਿਬ ਤੋਂ ਆ ਕੇ ਦੂਜੀ ਪਾਰਟੀ ਨੂੰ ਦੇਣੀ ਸੀ। ਅੱਜ ਸਵੇਰੇ ਉਨ੍ਹਾਂ ਦੇ ਘਰ ਦੇ ਨੇੜੇ ਰਹਿੰਦੇ ਉਨ੍ਹਾਂ ਦਾ ਭਰਾ ਹਰਸਿਮਰਨ ਜਦੋਂ ਉਥੇ ਆਇਆ ਤਾਂ ਉਸ ਦੱਸਿਆ ਕਿ ਘਰ ਦੇ ਮੁੱਖ ਦਰਵਾਜੇ ਦਾ ਤਾਲਾ ਟੁੱਟਿਆ ਹੋਇਆ ਹੈ। ਜਦੋਂ ਉਹ ਘਰ ਦੇ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਸਾਰਾ ਸਾਮਾਨ ਖਿਲਰਿਆ ਹੋਇਆ ਹੈ। ਹਰਸਿਮਰਨ ਨੇ ਇਸ ਦੀ ਸੂਚਨਾ ਆਪਣੇ ਭਰਾ ਨੂੰ ਦਿੱਤੀ। ਸੂਚਨਾ ਮਿਲਦੇ ਸਾਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਹਰਸਿਮਰਨ ਨੇ ਦੱਸਿਆ ਕਿ ਚੋਰ ਘਰ ਵਿਚ ਪਈ 6 ਲੱਖ ਦੀ ਨਕਦੀ 16 ਤੋਲੇ ਸੋਨੇ ਦੇ ਗਹਿਣੇ, 10 ਤੋਲੇ ਚਾਂਦੀ ਚੋਰੀ ਕਰਕੇ ਲੈ ਗਏ। ਪੁਲਿਸ ਵੱਲੋਂ ਚੋਰਾਂ ਦੇ ਸੁਰਾਗ ਲਈ ਕੁੱਤਾ ਸੁਕਐਡ ਅਤੇ ਫਿੰਗਰ ਪਿ੍ੰਟ ਮਾਹਿਰਾਂ ਦੀ ਮਦਦ ਲਈ ਪਰ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲੀ। ਚੋਰਾਂ ਵੱਲੋਂ ਘਰ ਵਿਚ ਸਥਿਤ ਬਿਊਟੀ ਪਾਰਲਰ ਦੇ ਤਾਲੇ ਤੋੜ ਕੇ ਉਥੋਂ ਵੀ 5 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਗਈ। ਲਗਾਤਾਰ ਵਧ ਰਹੀਆਂ ਅਜਿਹੀਆਂ ਵਾਰਦਾਤਾਂ ਕਾਰਣ ਕਾਰੋਬਾਰਿਆਂ ਵਿੱਚ ਕਾਫੀ ਚਿੰਤਾ ਹੈ।