Monday, September 15, 2014

ਦੋ ਸਾਲ ਪਹਿਲਾਂ ਹੋਇਆ ਸੀ ਪ੍ਰਾਪਰਟੀ ਡੀਲਰ ਦਾ ਕਤਲ

ਪੁਲਿਸ ਅਜੇ ਵੀ ਕਹਿੰਦੀ ਹੈ--ਜਲਦੀ ਸੁਰਾਗ ਲਾ ਲਵਾਂਗੇ 
ਲੁਧਿਆਣਾ: 14 ਸਤੰਬਰ 2014: (ਪੰਜਾਬ ਸਕਰੀਨ ਬਿਊਰੋ): 
ਮੀਂਹ ਹਨੇਰੀ ਵਿੱਚ ਸਿਰ ਲੁਕਾਉਣ ਲਈ ਕੋਈ ਛੱਤ ਜਰੂਰੀ ਹੈ ਅਤੇ ਉਸ ਛੱਤ ਲਈ ਜਰੂਰੀ ਹੈ ਪਲਾਟ ਜਾਂ ਫਲੈਟ। ਫਲੈਟਾਂ ਦੇ ਭਾਅ ਅੱਜ ਕਲ੍ਹ ਅਸਮਾਨ ਛੂਹੰਦੇ ਹਨ। ਕੀਮਤਾਂ ਲੱਖਾਂ ਤੋਂ ਲੈ ਕੇ ਕਰੋੜਾਂ ਤੱਕ। ਇਸ ਕੀਮਤ ਲਈ ਦੇਣੇ ਪੈਂਦੇ ਹਨ ਪੈਸੇ---ਇੱਕ ਨੰਬਰ ਵਿੱਚ ਵੀ ਅਤੇ ਦੋ ਨੰਬਰ ਵਿੱਚ ਵੀ। ਜਦੋਂ ਜ਼ਰ ਅਤੇ ਜ਼ਮੀਨ ਜ਼ਿੰਦਗੀ ਵਿੱਚ ਦਾਖਲ ਹੁੰਦੇ ਹਨ ਤਾਂ ਇਸਦੇ ਨਾਲ ਹੀ ਦਾਖਲ ਹੋ ਜਾਂਦੀ ਅਛੋਪਲੇ ਜਹੇ ਕਿਤੇ ਨ ਕਿਤੇ ਕੋਈ ਦੁਸ਼ਮਣੀ। ਕੋਈ ਅਜਿਹੀ ਰੰਜਿਸ਼ ਜਿਸਦਾ ਨਤੀਜਾ ਕਤਲ ਵਿੱਚ ਨਿਕਲਦਾ ਹੈ ਅਤੇ ਕਈ ਵਾਰ ਉਸ ਸਾਜ਼ਿਸ਼ ਦਾ ਪਤਾ ਕਤਲ ਤੋਂ ਬਾਅਦ ਵੀ ਨਹੀਂ ਲੱਗਦਾ। ਕੁਝ ਇਸੇ ਕਿਸਮ ਦਾ ਮਹਿਸੂਸ ਹੁੰਦਾ ਮਾਮਲਾ ਇੱਕ ਵਾਰ ਫਿਰ ਮੀਡੀਆ ਵਿੱਚ ਹੈ। 
ਸ਼ਹਿਰ ਦੀ ਦੱਖਣੀ ਬਾਹੀ 'ਤੇ ਵਸੇ ਪਿੰਡ ਮਾਣਕਵਾਲ ਦੇ ਰਹਿਣ ਵਾਲੇ ਕਿਸਾਨ ਕਮ ਪ੍ਰਾਪਰਟੀ ਡੀਲਰ ਦੇ ਦੋ ਸਾਲ ਪਹਿਲਾਂ ਹੋਏ ਕਤਲ ਦੇ ਮਾਮਲੇ 'ਚ ਪੁਲਿਸ ਦੋ ਸਾਲ ਬਾਅਦ ਵੀ ਕੋਈ ਸੁਰਾਗ ਨਹੀਂ ਲਗਾ ਸਕੀ। ਇਸ ਘਰ ਨਾਲ ਸਬੰਧਿਤ ਵਿਧਵਾ ਔਰਤਾਂ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਦਰਜਨਾਂ ਚੱਕਰ ਲਾਉਣ ਤੋਂ ਬਾਅਦ ਲਾਚਾਰ ਹੋ ਕੇ ਘਰ ਬੈਠ ਗਈਆਂ ਹਨ। ਮਕਤੂਲ ਪ੍ਰੀਤਮ ਸਿੰਘ ਦੀ ਵਿਧਵਾ ਸ਼ਿੰਦਰ ਕੌਰ ਅਤੇ 90 ਸਾਲ ਨੂੰ ਢੁੱਕ ਚੁੱਕੀ ਬਜ਼ੁਰਗ ਵਿਧਵਾ ਮਾਂ ਗੁਰਦੇਵ ਕੌਰ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰੀਤਮ ਸਿੰਘ 5 ਸਤੰਬਰ, 2012 ਦੀ ਸ਼ਾਮ ਨੂੰ 5 ਕੁ ਵਜੇ ਦੁੱਗਰੀ ਇਲਾਕੇ 'ਚ ਲੱਗਦੀ ਸਬਜ਼ੀ ਮੰਡੀ ਵਿਚੋਂ ਸਬਜ਼ੀ ਲਿਆਉਣ ਬਾਰੇ ਕਹਿ ਕੇ ਆਪਣੀ ਮਹਿੰਦਰਾ ਜੀਪ ਵਿਚ ਘਰੋਂ ਗਿਆ ਸੀ ਤੇ ਫਿਰ ਕਦੇ ਨਹੀਂ ਪਰਤਿਆ। ਅਗਲੀ ਸਵੇਰ ਉਸ ਦੀ ਲਾਸ਼ ਉਸੇ ਜੀਪ ਦੀ ਡਰਾਈਵਿੰਗ ਸੀਟ ਤੋਂ ਅਧੂਰੇ ਪਏ ਬਾਈਪਾਸ ਵਾਲੀ ਸਡ਼ਕ ਤੋਂ ਨਿਊ ਰਣਧੀਰ ਸਿੰਘ ਨਗਰ ਇਲਾਕੇ ਵਿਚੋਂ ਮਿਲੀ ਸੀ। ਉਸਦੀ ਛਾਤੀ 'ਚ ਗੋਲੀ ਵੱਜੀ ਹੋਈ ਸੀ। ਮਿ੍ਤਕ ਪ੍ਰੀਤਮ ਸਿੰਘ ਦਾ ਇਕਲੌਤਾ ਨੌਜਵਾਨ ਬੇਟਾ ਨਸ਼ਿਆਂ ਦਾ ਆਦੀ ਹੋ ਗਿਆ ਜਿਸ ਕਾਰਣ ਉਸ ਨੂੰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਹੋਇਆ ਹੈ ਤੇ ਹੁਣ ਘਰ ਵਿਚ ਸਿਰਫ਼ ਤਿੰਨ ਔਰਤਾਂ ਹੀ ਹਨ। ਵਿਧਵਾ ਸ਼ਿੰਦਰ ਕੌਰ ਨੇ ਦੱਸਿਆ ਕਿ ਉਹ ਪਿੰਡ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਕਈ ਵਾਰ ਉੱਚ ਪੁਲਿਸ ਅਧਿਕਾਰੀਆਂ ਨੂੰ ਮਿਲੇ ਸਨ ਪਰ ਪੁਲਿਸ ਹਰ ਵਾਰ ਉਨ੍ਹਾਂ ਨੂੰ ਇਹ ਕਹਿ ਕੇ ਮੋੜਦੀ ਰਹੀ ਕਿ ਜਾਂਚ ਚੱਲ ਰਹੀ ਹੈ ਜਲਦੀ ਹੀ ਸੁਰਾਗ ਲਾ ਲਵਾਂਗੇ ਪਰ ਦੋ ਸਾਲ ਬੀਤਣ ਤੋਂ ਬਾਅਦ ਵੀ ਪ੍ਰੀਤਮ ਸਿੰਘ ਦੇ ਕਾਤਲਾਂ ਦੀ ਕੋਈ ਸੂਹ ਨਹੀਂ ਲੱਗੀ। ਉਨ੍ਹਾਂ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਜਲਦੀ ਸੁਲਝਾ ਕੇ ਕਾਤਲਾਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇ। 

No comments:

Post a Comment