Friday, September 12, 2014

ਜਲੰਧਰ 'ਚ ਮਿਲੀ ਪ੍ਰਾਪਰਟੀ ਡੀਲਰ ਦੀ ਲਾਸ਼

ਪੱਖੇ ਨਾਲ ਲਟਕਦੀ ਲਾਸ਼ ਵਿੱਚ ਚੱਲ ਰਹੇ ਸਨ ਕੀੜੇ 
ਮਾਸਟਰ ਮੋਤਾ ਸਿੰਘ ਨਗਰ ਜਲੰਧਰ 'ਚ ਪੁਲੀਸ ਖੁਦਕੁਸ਼ੀ ਮਾਮਲੇ ਦੀ ਜਾਂਚ ਕਰਦੀ ਹੋਈ। ਇਨਸੈੱਟ) ਹਰਪ੍ਰੀਤ ਸਿੰਘ ਦੀ ਫਾਈਲ ਫੋਟੋ
ਜਲੰਧਰ: 11 ਸਤੰਬਰ 2014: (ਪੰਜਾਬ ਸਕਰੀਨ ਬਿਊਰੋ):  
ਹੱਥਾਂ ਵਿੱਚ ਪੈਸੇ ਬਹੁਤ ਚੰਗੇ ਲੱਗਦੇ ਹਨ---ਆਪਣਿਆਂ ਨੂੰ ਵੀ ਬੇਗਾਨਿਆਂ ਨੂੰ ਵੀ---ਪਰ ਪੈਸੇ ਹਰ ਵਾਰ ਖੁਸ਼ੀ ਲੈ ਕੇ ਨਹੀਂ ਆਉਂਦੇ।  ਓਹ ਪੈਸੇ ਕਰਜ਼ੇ ਦੇ ਵੀ ਹੋ ਸਕਦੇ ਹਨ ਅਤੇ ਕਿਸੇ ਦੀ ਅਮਾਨਤ ਦੇ ਵੀ। ਅਜਿਹੇ ਪੈਸੇ ਜਾਂ ਫਿਰ ਇਹਨਾਂ ਨਾਲ ਜੁੜਿਆ ਕੋਈ ਵਿਵਾਦ ਵਿਅਕਤੀ ਨੂੰ ਮੌਤ ਦੇ ਮੂੰਹ ਤੱਕ ਵੀ ਲਿਜਾ ਸਕਦਾ ਹੈ ਇਹ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਹੁੰਦਾ। ਹੱਸਦਾ ਖੇਡਦਾ ਹਰਪ੍ਰੀਤ ਕਦੇ ਅਜਿਹੀ ਮੌਤ ਮਰੇਗਾ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਹੋਣਾ। ਇਥੋਂ ਦੇ ਮੋਤਾ ਸਿੰਘ ਨਗਰ ਵਿੱਚ ਇੱਕ ਗਲੀ-ਸੜੀ ਲਾਸ਼ ਜਦੋਂ ਪੱਖੇ ਨਾਲ ਲਟਕਦੀ ਹੋਈ ਮਿਲੀ ਤਾਂ ਸਾਰੇ ਹੈਰਾਨ ਰਹਿ ਗਏ। ਮ੍ਰਿਤਕ ਦੀ ਪਛਾਣ ਪ੍ਰਾਪਰਟੀ ਡੀਲਰ ਹਰਪ੍ਰੀਤ ਸਿੰਘ ਵਜੋਂ ਹੋਈ ਜੋ ਪਿਛਲੇ ਕੁਝ ਸਮੇਂ ਤੋਂ ਐਨਆਰਆਈ ਦੀ ਕੋਠੀ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮੌਕੇ ’ਤੇ ਜਾ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲੀਸ ਨੇ ਕਮਰੇ ਵਿੱਚੋਂ ਖੁਦਕੁਸ਼ੀ ਨੋਟ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਪਰ ਪੁਲੀਸ ਦੇ ਹੱਥ ਅਜਿਹਾ ਕੋਈ ਵੀ ਦਸਤਾਵੇਜ਼ ਨਹੀਂ ਲੱਗਾ। ਮ੍ਰਿਤਕ ਦੀ ਪਛਾਣ ਉਸ ਦੇ ਡਰਾਈਵਿੰਗ ਲਾਇਸੈਂਸ ਤੋਂ ਹੋਈ ਦੱਸੀ ਜਾਂਦੀ ਹੈ। ਪੁਲੀਸ ਅਨੁਸਾਰ ਪ੍ਰਾਪਰਟੀ ਡੀਲਰ ਹਰਪ੍ਰੀਤ ਨੇ ਪੰਜ-ਛੇ ਦਿਨ ਪਹਿਲਾਂ ਪੱਖੇ ਨਾਲ ਲਟਕ ਕੇ ਫਾਹ ਲਿਆ ਲਗਦਾ ਹੈ। ਉਸ ਦੀ ਲਾਸ਼ ਵਿੱਚ ਕੀੜੇ ਪਏ ਹੋਏ ਸਨ। ਲਾਸ਼ ਦੀ ਇਹ ਹਾਲਤ ਦੇਖ ਕੇ ਕਈ ਸੁਆਲ ਪੈਦਾ ਹੁੰਦੇ ਸਨ। ਕੀ ਇਹੀ ਅੰਤ ਲਿਖਿਆ ਸੀ ਹਰਪ੍ਰੀਤ ਦਾ?
ਮੁਢਲੀ ਜਾਂਚ ਪੜਤਾਲ ਮਗਰੋਂ ਮਾਡਲ ਟਾਊਨ ਥਾਣੇ ਦੇ ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਦੀ ਲਾਸ਼ ਜਿਸ ਐਨਆਰਆਈ ਦੇ ਘਰੋਂ ਮਿਲੀ ਹੈ, ਉਸ ਦੀ ਕੋਠੀ ਦੇ ਇਕ ਹਿੱਸੇ ਵਿੱਚ ਉਹ ਪਿਛਲੇ ਤਿੰਨ ਮਹੀਨੇ ਤੋਂ ਕਿਰਾਏ ’ਤੇ ਰਹਿ ਰਿਹਾ ਸੀ। ਉਹ ਇਥੇ ਲਗਾਤਾਰ ਨਹੀਂ ਸੀ ਰਹਿੰਦਾ ਸਗੋਂ ਕਦੇ ਕਦਾਈ ਆਪਣੀ ਪਤਨੀ ਨਾਲ ਹੀ ਆਉਂਦਾ ਸੀ। ਇਸ ਕੋਠੀ ਵਿੱਚ ਹੀ ਇਕ ਹੋਰ ਕੇਅਰ ਟੇਕਰ ਵੀ ਰਹਿੰਦਾ ਸੀ ਜਿਸ ਦੇ ਦਿਮਾਗ ਵਿੱਚ ਅੱਜ ਹਰਪ੍ਰੀਤ ਦੇ ਕਮਰੇ ’ਚੋਂ ਬਦਬੂ ਆਉਣ  ਨਾਲ ਖਤਰੇ ਦੀ ਘੰਟੀ ਵੱਜਣ ਲੱਗ ਪਈ। ਬਦਬੂ ਆਉਣ ਮਗਰੋਂ ਜਦੋਂ ਉਸਨੇ ਕਮਰੇ ਵਿੱਚ ਝਾਕ ਕੇ ਦੇਖਿਆ ਤਾਂ ਦਰਿਸ਼ ਬਹੁਤ ਹੀ ਭਿਆਨਕ ਸੀ। ਹਰਪ੍ਰੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਨੇ ਤੁਰੰਤ ਇਸ ਸਬੰਧੀ ਪੁਲੀਸ ਕੰਟਰੋਲ ਰੂਮ ਨੂੰ ਇਸ ਦੀ ਸੂਚਨਾ ਦਿੱਤੀ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਜਦੋਂ ਇਸ ਘਟਨਾ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਹਰਪ੍ਰੀਤ ਅਜਿਹਾ ਘਾਤਕ ਕਦਮ ਨਹੀਂ ਚੁੱਕ ਸਕਦਾ। ਪੁਲੀਸ ਨੇ ਇਸ ਮਾਮਲੇ ਵਿੱਚ 174 ਦੀ ਕਾਰਵਾਈ ਕਰਕੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।

No comments:

Post a Comment