Friday, September 19, 2014

ਲੁਧਿਆਣਾ ਵਿੱਚ ਪ੍ਰਾਪਰਟੀ ਡੀਲਰ ਚੋਰਾਂ ਦੇ ਨਿਸ਼ਾਨੇ 'ਤੇ

ਮਾਡਲ ਟਾਊਨ 'ਚ ਇੱਕ ਡੀਲਰ ਘਰੋਂ 6 ਲੱਖ ਦੀ ਨਗਦੀ ਅਤੇ ਜ਼ੇਵਰ ਚੋਰੀ 
ਲੁਧਿਆਣਾ: 18 ਸਤੰਬਰ 2014: (ਪੰਜਾਬ ਸਕਰੀਨ ਬਿਊਰੋ):
ਘਰ ਵਿੱਚ ਵੱਡੀਆਂ ਰਕਮਾਂ ਰੱਖਣ ਦੇ ਸੋ ਖਤਰੇ। ਇਹ ਗੱਲ ਫਿਰ ਸਚ ਸਾਬਿਤ ਹੋਈ ਹੈ ਇਲਾਕੇ 'ਚ ਹੋਈ ਇੱਕ ਚੋਰੀ ਨਾਲ। ਚੋਰੀ ਇੱਕ ਪ੍ਰਾਪਰਟੀ ਡੀਲਰ ਦੇ ਘਰ ਹੋਈ। ਥਾਣਾ ਮਾਡਲ ਟਾਊਨ ਦੇ ਇਲਾਕੇ ਵਿੱਚ ਪੈਂਦੇ ਕਮਲਾ ਨਗਰ ਵਿਚ ਬੀਤੀ ਰਾਤ ਚੋਰ ਇਕ ਘਰ ਦੇ ਤਾਲੇ ਤੋੜ ਕੇ 6 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਜੇਵਰ ਚੋਰੀ ਕਰ ਕੇ ਲੈ ਗਏ। ਜਾਣਕਾਰੀ ਅਨੁਸਾਰ ਕਮਲਾ ਨਗਰ ਵਿਚ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਵਾਲੇ ਗੁਰਬਚਨ ਸਿੰਘ (ਮੀਰਸ਼ਾਹ) ਬੀਤੀ ਰਾਤ ਪਰਿਵਾਰ ਸਮੇਤ ਆਪਣੇ ਰਿਸ਼ਤੇਦਾਰਾਂ ਦੇ ਘਰ ਸ੍ਰੀ ਪਾਉਂਟਾ ਸਾਹਿਬ ਵਿਖੇ ਆਪਣੇ ਬੀਮਾਰ ਸਹੁਰੇ ਦਾ ਪਤਾ ਕਰਨ ਗਏ ਹੋਏ ਸਨ। ਚੋਰੀ ਹੋਈ ਨਗਦ ਰਕਮ ਉਹਨਾਂ ਇੱਕ ਸੌਦੇ ਲਈ ਇੱਕ ਪਾਰਟੀ ਤੋਂ ਲੈ ਕੇ ਘਰ ਵਿੱਚ ਰੱਖੀ ਸੀ ਅਤੇ ਪਾਉਂਟਾ ਸਾਹਿਬ ਤੋਂ ਆ ਕੇ ਦੂਜੀ ਪਾਰਟੀ ਨੂੰ ਦੇਣੀ ਸੀ। ਅੱਜ ਸਵੇਰੇ ਉਨ੍ਹਾਂ ਦੇ ਘਰ ਦੇ ਨੇੜੇ ਰਹਿੰਦੇ ਉਨ੍ਹਾਂ ਦਾ ਭਰਾ ਹਰਸਿਮਰਨ ਜਦੋਂ ਉਥੇ ਆਇਆ ਤਾਂ ਉਸ ਦੱਸਿਆ ਕਿ ਘਰ ਦੇ ਮੁੱਖ ਦਰਵਾਜੇ ਦਾ ਤਾਲਾ ਟੁੱਟਿਆ ਹੋਇਆ ਹੈ। ਜਦੋਂ ਉਹ ਘਰ ਦੇ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਸਾਰਾ ਸਾਮਾਨ ਖਿਲਰਿਆ ਹੋਇਆ ਹੈ। ਹਰਸਿਮਰਨ ਨੇ ਇਸ ਦੀ ਸੂਚਨਾ ਆਪਣੇ ਭਰਾ ਨੂੰ ਦਿੱਤੀ। ਸੂਚਨਾ ਮਿਲਦੇ ਸਾਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਹਰਸਿਮਰਨ ਨੇ ਦੱਸਿਆ ਕਿ ਚੋਰ ਘਰ ਵਿਚ ਪਈ 6 ਲੱਖ ਦੀ ਨਕਦੀ 16 ਤੋਲੇ ਸੋਨੇ ਦੇ ਗਹਿਣੇ, 10 ਤੋਲੇ ਚਾਂਦੀ ਚੋਰੀ ਕਰਕੇ ਲੈ ਗਏ। ਪੁਲਿਸ ਵੱਲੋਂ ਚੋਰਾਂ ਦੇ ਸੁਰਾਗ ਲਈ ਕੁੱਤਾ ਸੁਕਐਡ ਅਤੇ ਫਿੰਗਰ ਪਿ੍ੰਟ ਮਾਹਿਰਾਂ ਦੀ ਮਦਦ ਲਈ ਪਰ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲੀ। ਚੋਰਾਂ ਵੱਲੋਂ ਘਰ ਵਿਚ ਸਥਿਤ ਬਿਊਟੀ ਪਾਰਲਰ ਦੇ ਤਾਲੇ ਤੋੜ ਕੇ ਉਥੋਂ ਵੀ 5 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਗਈ। ਲਗਾਤਾਰ ਵਧ ਰਹੀਆਂ ਅਜਿਹੀਆਂ ਵਾਰਦਾਤਾਂ ਕਾਰਣ ਕਾਰੋਬਾਰਿਆਂ ਵਿੱਚ ਕਾਫੀ ਚਿੰਤਾ ਹੈ।  

Monday, September 15, 2014

ਦੋ ਸਾਲ ਪਹਿਲਾਂ ਹੋਇਆ ਸੀ ਪ੍ਰਾਪਰਟੀ ਡੀਲਰ ਦਾ ਕਤਲ

ਪੁਲਿਸ ਅਜੇ ਵੀ ਕਹਿੰਦੀ ਹੈ--ਜਲਦੀ ਸੁਰਾਗ ਲਾ ਲਵਾਂਗੇ 
ਲੁਧਿਆਣਾ: 14 ਸਤੰਬਰ 2014: (ਪੰਜਾਬ ਸਕਰੀਨ ਬਿਊਰੋ): 
ਮੀਂਹ ਹਨੇਰੀ ਵਿੱਚ ਸਿਰ ਲੁਕਾਉਣ ਲਈ ਕੋਈ ਛੱਤ ਜਰੂਰੀ ਹੈ ਅਤੇ ਉਸ ਛੱਤ ਲਈ ਜਰੂਰੀ ਹੈ ਪਲਾਟ ਜਾਂ ਫਲੈਟ। ਫਲੈਟਾਂ ਦੇ ਭਾਅ ਅੱਜ ਕਲ੍ਹ ਅਸਮਾਨ ਛੂਹੰਦੇ ਹਨ। ਕੀਮਤਾਂ ਲੱਖਾਂ ਤੋਂ ਲੈ ਕੇ ਕਰੋੜਾਂ ਤੱਕ। ਇਸ ਕੀਮਤ ਲਈ ਦੇਣੇ ਪੈਂਦੇ ਹਨ ਪੈਸੇ---ਇੱਕ ਨੰਬਰ ਵਿੱਚ ਵੀ ਅਤੇ ਦੋ ਨੰਬਰ ਵਿੱਚ ਵੀ। ਜਦੋਂ ਜ਼ਰ ਅਤੇ ਜ਼ਮੀਨ ਜ਼ਿੰਦਗੀ ਵਿੱਚ ਦਾਖਲ ਹੁੰਦੇ ਹਨ ਤਾਂ ਇਸਦੇ ਨਾਲ ਹੀ ਦਾਖਲ ਹੋ ਜਾਂਦੀ ਅਛੋਪਲੇ ਜਹੇ ਕਿਤੇ ਨ ਕਿਤੇ ਕੋਈ ਦੁਸ਼ਮਣੀ। ਕੋਈ ਅਜਿਹੀ ਰੰਜਿਸ਼ ਜਿਸਦਾ ਨਤੀਜਾ ਕਤਲ ਵਿੱਚ ਨਿਕਲਦਾ ਹੈ ਅਤੇ ਕਈ ਵਾਰ ਉਸ ਸਾਜ਼ਿਸ਼ ਦਾ ਪਤਾ ਕਤਲ ਤੋਂ ਬਾਅਦ ਵੀ ਨਹੀਂ ਲੱਗਦਾ। ਕੁਝ ਇਸੇ ਕਿਸਮ ਦਾ ਮਹਿਸੂਸ ਹੁੰਦਾ ਮਾਮਲਾ ਇੱਕ ਵਾਰ ਫਿਰ ਮੀਡੀਆ ਵਿੱਚ ਹੈ। 
ਸ਼ਹਿਰ ਦੀ ਦੱਖਣੀ ਬਾਹੀ 'ਤੇ ਵਸੇ ਪਿੰਡ ਮਾਣਕਵਾਲ ਦੇ ਰਹਿਣ ਵਾਲੇ ਕਿਸਾਨ ਕਮ ਪ੍ਰਾਪਰਟੀ ਡੀਲਰ ਦੇ ਦੋ ਸਾਲ ਪਹਿਲਾਂ ਹੋਏ ਕਤਲ ਦੇ ਮਾਮਲੇ 'ਚ ਪੁਲਿਸ ਦੋ ਸਾਲ ਬਾਅਦ ਵੀ ਕੋਈ ਸੁਰਾਗ ਨਹੀਂ ਲਗਾ ਸਕੀ। ਇਸ ਘਰ ਨਾਲ ਸਬੰਧਿਤ ਵਿਧਵਾ ਔਰਤਾਂ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਦਰਜਨਾਂ ਚੱਕਰ ਲਾਉਣ ਤੋਂ ਬਾਅਦ ਲਾਚਾਰ ਹੋ ਕੇ ਘਰ ਬੈਠ ਗਈਆਂ ਹਨ। ਮਕਤੂਲ ਪ੍ਰੀਤਮ ਸਿੰਘ ਦੀ ਵਿਧਵਾ ਸ਼ਿੰਦਰ ਕੌਰ ਅਤੇ 90 ਸਾਲ ਨੂੰ ਢੁੱਕ ਚੁੱਕੀ ਬਜ਼ੁਰਗ ਵਿਧਵਾ ਮਾਂ ਗੁਰਦੇਵ ਕੌਰ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰੀਤਮ ਸਿੰਘ 5 ਸਤੰਬਰ, 2012 ਦੀ ਸ਼ਾਮ ਨੂੰ 5 ਕੁ ਵਜੇ ਦੁੱਗਰੀ ਇਲਾਕੇ 'ਚ ਲੱਗਦੀ ਸਬਜ਼ੀ ਮੰਡੀ ਵਿਚੋਂ ਸਬਜ਼ੀ ਲਿਆਉਣ ਬਾਰੇ ਕਹਿ ਕੇ ਆਪਣੀ ਮਹਿੰਦਰਾ ਜੀਪ ਵਿਚ ਘਰੋਂ ਗਿਆ ਸੀ ਤੇ ਫਿਰ ਕਦੇ ਨਹੀਂ ਪਰਤਿਆ। ਅਗਲੀ ਸਵੇਰ ਉਸ ਦੀ ਲਾਸ਼ ਉਸੇ ਜੀਪ ਦੀ ਡਰਾਈਵਿੰਗ ਸੀਟ ਤੋਂ ਅਧੂਰੇ ਪਏ ਬਾਈਪਾਸ ਵਾਲੀ ਸਡ਼ਕ ਤੋਂ ਨਿਊ ਰਣਧੀਰ ਸਿੰਘ ਨਗਰ ਇਲਾਕੇ ਵਿਚੋਂ ਮਿਲੀ ਸੀ। ਉਸਦੀ ਛਾਤੀ 'ਚ ਗੋਲੀ ਵੱਜੀ ਹੋਈ ਸੀ। ਮਿ੍ਤਕ ਪ੍ਰੀਤਮ ਸਿੰਘ ਦਾ ਇਕਲੌਤਾ ਨੌਜਵਾਨ ਬੇਟਾ ਨਸ਼ਿਆਂ ਦਾ ਆਦੀ ਹੋ ਗਿਆ ਜਿਸ ਕਾਰਣ ਉਸ ਨੂੰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਹੋਇਆ ਹੈ ਤੇ ਹੁਣ ਘਰ ਵਿਚ ਸਿਰਫ਼ ਤਿੰਨ ਔਰਤਾਂ ਹੀ ਹਨ। ਵਿਧਵਾ ਸ਼ਿੰਦਰ ਕੌਰ ਨੇ ਦੱਸਿਆ ਕਿ ਉਹ ਪਿੰਡ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਕਈ ਵਾਰ ਉੱਚ ਪੁਲਿਸ ਅਧਿਕਾਰੀਆਂ ਨੂੰ ਮਿਲੇ ਸਨ ਪਰ ਪੁਲਿਸ ਹਰ ਵਾਰ ਉਨ੍ਹਾਂ ਨੂੰ ਇਹ ਕਹਿ ਕੇ ਮੋੜਦੀ ਰਹੀ ਕਿ ਜਾਂਚ ਚੱਲ ਰਹੀ ਹੈ ਜਲਦੀ ਹੀ ਸੁਰਾਗ ਲਾ ਲਵਾਂਗੇ ਪਰ ਦੋ ਸਾਲ ਬੀਤਣ ਤੋਂ ਬਾਅਦ ਵੀ ਪ੍ਰੀਤਮ ਸਿੰਘ ਦੇ ਕਾਤਲਾਂ ਦੀ ਕੋਈ ਸੂਹ ਨਹੀਂ ਲੱਗੀ। ਉਨ੍ਹਾਂ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਜਲਦੀ ਸੁਲਝਾ ਕੇ ਕਾਤਲਾਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇ। 

Friday, September 12, 2014

ਜਲੰਧਰ 'ਚ ਮਿਲੀ ਪ੍ਰਾਪਰਟੀ ਡੀਲਰ ਦੀ ਲਾਸ਼

ਪੱਖੇ ਨਾਲ ਲਟਕਦੀ ਲਾਸ਼ ਵਿੱਚ ਚੱਲ ਰਹੇ ਸਨ ਕੀੜੇ 
ਮਾਸਟਰ ਮੋਤਾ ਸਿੰਘ ਨਗਰ ਜਲੰਧਰ 'ਚ ਪੁਲੀਸ ਖੁਦਕੁਸ਼ੀ ਮਾਮਲੇ ਦੀ ਜਾਂਚ ਕਰਦੀ ਹੋਈ। ਇਨਸੈੱਟ) ਹਰਪ੍ਰੀਤ ਸਿੰਘ ਦੀ ਫਾਈਲ ਫੋਟੋ
ਜਲੰਧਰ: 11 ਸਤੰਬਰ 2014: (ਪੰਜਾਬ ਸਕਰੀਨ ਬਿਊਰੋ):  
ਹੱਥਾਂ ਵਿੱਚ ਪੈਸੇ ਬਹੁਤ ਚੰਗੇ ਲੱਗਦੇ ਹਨ---ਆਪਣਿਆਂ ਨੂੰ ਵੀ ਬੇਗਾਨਿਆਂ ਨੂੰ ਵੀ---ਪਰ ਪੈਸੇ ਹਰ ਵਾਰ ਖੁਸ਼ੀ ਲੈ ਕੇ ਨਹੀਂ ਆਉਂਦੇ।  ਓਹ ਪੈਸੇ ਕਰਜ਼ੇ ਦੇ ਵੀ ਹੋ ਸਕਦੇ ਹਨ ਅਤੇ ਕਿਸੇ ਦੀ ਅਮਾਨਤ ਦੇ ਵੀ। ਅਜਿਹੇ ਪੈਸੇ ਜਾਂ ਫਿਰ ਇਹਨਾਂ ਨਾਲ ਜੁੜਿਆ ਕੋਈ ਵਿਵਾਦ ਵਿਅਕਤੀ ਨੂੰ ਮੌਤ ਦੇ ਮੂੰਹ ਤੱਕ ਵੀ ਲਿਜਾ ਸਕਦਾ ਹੈ ਇਹ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਹੁੰਦਾ। ਹੱਸਦਾ ਖੇਡਦਾ ਹਰਪ੍ਰੀਤ ਕਦੇ ਅਜਿਹੀ ਮੌਤ ਮਰੇਗਾ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਹੋਣਾ। ਇਥੋਂ ਦੇ ਮੋਤਾ ਸਿੰਘ ਨਗਰ ਵਿੱਚ ਇੱਕ ਗਲੀ-ਸੜੀ ਲਾਸ਼ ਜਦੋਂ ਪੱਖੇ ਨਾਲ ਲਟਕਦੀ ਹੋਈ ਮਿਲੀ ਤਾਂ ਸਾਰੇ ਹੈਰਾਨ ਰਹਿ ਗਏ। ਮ੍ਰਿਤਕ ਦੀ ਪਛਾਣ ਪ੍ਰਾਪਰਟੀ ਡੀਲਰ ਹਰਪ੍ਰੀਤ ਸਿੰਘ ਵਜੋਂ ਹੋਈ ਜੋ ਪਿਛਲੇ ਕੁਝ ਸਮੇਂ ਤੋਂ ਐਨਆਰਆਈ ਦੀ ਕੋਠੀ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮੌਕੇ ’ਤੇ ਜਾ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲੀਸ ਨੇ ਕਮਰੇ ਵਿੱਚੋਂ ਖੁਦਕੁਸ਼ੀ ਨੋਟ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਪਰ ਪੁਲੀਸ ਦੇ ਹੱਥ ਅਜਿਹਾ ਕੋਈ ਵੀ ਦਸਤਾਵੇਜ਼ ਨਹੀਂ ਲੱਗਾ। ਮ੍ਰਿਤਕ ਦੀ ਪਛਾਣ ਉਸ ਦੇ ਡਰਾਈਵਿੰਗ ਲਾਇਸੈਂਸ ਤੋਂ ਹੋਈ ਦੱਸੀ ਜਾਂਦੀ ਹੈ। ਪੁਲੀਸ ਅਨੁਸਾਰ ਪ੍ਰਾਪਰਟੀ ਡੀਲਰ ਹਰਪ੍ਰੀਤ ਨੇ ਪੰਜ-ਛੇ ਦਿਨ ਪਹਿਲਾਂ ਪੱਖੇ ਨਾਲ ਲਟਕ ਕੇ ਫਾਹ ਲਿਆ ਲਗਦਾ ਹੈ। ਉਸ ਦੀ ਲਾਸ਼ ਵਿੱਚ ਕੀੜੇ ਪਏ ਹੋਏ ਸਨ। ਲਾਸ਼ ਦੀ ਇਹ ਹਾਲਤ ਦੇਖ ਕੇ ਕਈ ਸੁਆਲ ਪੈਦਾ ਹੁੰਦੇ ਸਨ। ਕੀ ਇਹੀ ਅੰਤ ਲਿਖਿਆ ਸੀ ਹਰਪ੍ਰੀਤ ਦਾ?
ਮੁਢਲੀ ਜਾਂਚ ਪੜਤਾਲ ਮਗਰੋਂ ਮਾਡਲ ਟਾਊਨ ਥਾਣੇ ਦੇ ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਦੀ ਲਾਸ਼ ਜਿਸ ਐਨਆਰਆਈ ਦੇ ਘਰੋਂ ਮਿਲੀ ਹੈ, ਉਸ ਦੀ ਕੋਠੀ ਦੇ ਇਕ ਹਿੱਸੇ ਵਿੱਚ ਉਹ ਪਿਛਲੇ ਤਿੰਨ ਮਹੀਨੇ ਤੋਂ ਕਿਰਾਏ ’ਤੇ ਰਹਿ ਰਿਹਾ ਸੀ। ਉਹ ਇਥੇ ਲਗਾਤਾਰ ਨਹੀਂ ਸੀ ਰਹਿੰਦਾ ਸਗੋਂ ਕਦੇ ਕਦਾਈ ਆਪਣੀ ਪਤਨੀ ਨਾਲ ਹੀ ਆਉਂਦਾ ਸੀ। ਇਸ ਕੋਠੀ ਵਿੱਚ ਹੀ ਇਕ ਹੋਰ ਕੇਅਰ ਟੇਕਰ ਵੀ ਰਹਿੰਦਾ ਸੀ ਜਿਸ ਦੇ ਦਿਮਾਗ ਵਿੱਚ ਅੱਜ ਹਰਪ੍ਰੀਤ ਦੇ ਕਮਰੇ ’ਚੋਂ ਬਦਬੂ ਆਉਣ  ਨਾਲ ਖਤਰੇ ਦੀ ਘੰਟੀ ਵੱਜਣ ਲੱਗ ਪਈ। ਬਦਬੂ ਆਉਣ ਮਗਰੋਂ ਜਦੋਂ ਉਸਨੇ ਕਮਰੇ ਵਿੱਚ ਝਾਕ ਕੇ ਦੇਖਿਆ ਤਾਂ ਦਰਿਸ਼ ਬਹੁਤ ਹੀ ਭਿਆਨਕ ਸੀ। ਹਰਪ੍ਰੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਨੇ ਤੁਰੰਤ ਇਸ ਸਬੰਧੀ ਪੁਲੀਸ ਕੰਟਰੋਲ ਰੂਮ ਨੂੰ ਇਸ ਦੀ ਸੂਚਨਾ ਦਿੱਤੀ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਜਦੋਂ ਇਸ ਘਟਨਾ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਹਰਪ੍ਰੀਤ ਅਜਿਹਾ ਘਾਤਕ ਕਦਮ ਨਹੀਂ ਚੁੱਕ ਸਕਦਾ। ਪੁਲੀਸ ਨੇ ਇਸ ਮਾਮਲੇ ਵਿੱਚ 174 ਦੀ ਕਾਰਵਾਈ ਕਰਕੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।